4 hours ago
Swift News
ਵੱਖ-ਵੱਖ ਵੈੱਬਸਾਈਟਾਂ ਅਤੇ ਤਕਨੀਕੀ ਕੰਪਨੀਆਂ ਦੀਆਂ ਸੇਵਾਵਾਂ ਵਿੱਚ ਲਗਾਤਾਰ ਆ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਸਾਈਬਰ ਸੁਰੱਖਿਆ ਮਾਹਿਰਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਆਪਣੀਆਂ ਜ਼ਰੂਰੀ ਫਾਈਲਾਂ ਅਤੇ ਦਸਤਾਵੇਜ਼ਾਂ ਦਾ ਬੈਕਅੱਪ ਰੱਖਣ ਅਤੇ ਐਪਸ ਤੇ ਓਪਰੇਟਿੰਗ ਸਿਸਟਮ ਅੱਪਡੇਟ ਕਰਨ ਦੀ ਸਲਾਹ ਦਿੱਤੀ ਹੈ। ਬੁੱਧਵਾਰ ਨੂੰ ਹੈਕਰਾਂ ਵੱਲੋਂ ਦੁਨੀਆ ਦੀਆਂ ਲਗਭਗ 200 ਪ੍ਰਸਿੱਧ ਵੈੱਬਸਾਈਟਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਐਪਲ ਨੇ ਆਪਣੀਆਂ ਪ੍ਰਭਾਵਿਤ ਐਪਸ ਅਤੇ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਸਾਰੀਆਂ ਰੁਕਾਵਟਾਂ ਪਿੱਛੇ ਸਾਈਬਰ ਹਮਲੇ ਸਨ ਜਾਂ ਤਕਨੀਕੀ ਖਾਮੀਆਂ। ਵੈਨਕੂਵਰ ਦੇ ਸਾਈਬਰ ਸੁਰੱਖਿਆ ਮਾਹਿਰ ਵੈਕਲਾਵ ਵਿਨਸਾਲੇਕ ਦਾ ਕਹਿਣਾ ਹੈ ਕਿ ਸਾਫਟਵੇਅਰ ਵਿੱਚ ਪਹਿਲਾਂ ਤੋਂ ਮੌਜੂਦ ਖਾਮੀਆਂ ਅਤੇ ਅਧੂਰੇ ਸੁਰੱਖਿਆ ਪ੍ਰਬੰਧਾਂ ਕਾਰਨ ਸਮੱਸਿਆਵਾਂ ਵਧ ਸਕਦੀਆਂ ਹਨ। ਉਨ੍ਹਾਂ ਮੁਤਾਬਕ, ਜਦੋਂ ਸਿਸਟਮਾਂ ਵਿੱਚ ਗੜਬੜ ਹੁੰਦੀ ਹੈ ਤਾਂ ਹੈਕਰ ਇਸ ਮੌਕੇ ਦਾ ਫਾਇਦਾ ਚੁੱਕਦੇ ਹਨ। ਤਕਨੀਕੀ ਵਿਸ਼ਲੇਸ਼ਕ ਕਾਰਮੀ ਲੇਵੀ ਨੇ ਚੇਤਾਵਨੀ ਦਿੱਤੀ ਕਿ Artificial Intelligence ਕਾਰਨ ਇੱਕ ਹੈਕਰ ਵੀ ਵੱਡੇ ਪੱਧਰ ’ਤੇ ਸਾਈਬਰ ਹਮਲੇ ਕਰ ਸਕਦਾ ਹੈ। RCMP ਨੇ ਕਿਹਾ ਹੈ ਕਿ ਉਸ ਦੇ ਨੈੱਟਵਰਕ ’ਤੇ ਸਾਈਬਰ ਹਮਲੇ ਦਾ ਕੋਈ ਸਬੂਤ ਨਹੀਂ ਹੈ। ਮਾਹਿਰਾਂ ਨੇ ਲੋਕਾਂ ਨੂੰ ਸ਼ੱਕੀ ਈਮੇਲਾਂ ਅਤੇ ਟੈਕਸਟ ਮੈਸੇਜ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।