4 hours ago
Swift News
ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸੀਐਟਲ ਦੀ ਇੱਕ ਅਦਾਲਤ ਨੇ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਫਰਵਰੀ ਮਹੀਨੇ ਹੋਏ ਸਮੂਹਿਕ ਕਤਲੇਆਮ ਦੇ ਮਾਮਲੇ ਵਿੱਚ ਜੇਮਜ਼ ਬ੍ਰਾਇੰਟ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬ੍ਰਾਇੰਟ ਉੱਤੇ ਇਸ ਹਮਲੇ ਦੇ ਮੁਲਜ਼ਮ ਜੈਸੀ ਵੈਨ ਰੂਟਸੇਲਾਰ ਨਾਲ ਮਿਲ ਕੇ ਕਤਲੇਆਮ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਬੈਲਿੰਗਹੈਮ ਦੀ ਰਹਿਣ ਵਾਲੀ ਬ੍ਰਾਇੰਟ ਨੇ ਕਈ ਮਹੀਨਿਆਂ ਤੱਕ ਸਮੂਹਿਕ ਕਤਲ ਦੀ ਯੋਜਨਾ ਬਣਾਉਣ ਵਿੱਚ ਮਦਦ ਕੀਤੀ ਅਤੇ ਰਿਹਾਅ ਹੋਣ ’ਤੇ ਉਹ ਭਾਈਚਾਰੇ ਲਈ ਖ਼ਤਰਾ ਬਣ ਸਕਦੀ ਹੈ। ਇਸ ਦੇ ਉਲਟ, ਬ੍ਰਾਇੰਟ ਦੇ ਸਰਕਾਰੀ ਬਚਾਅ ਪੱਖ ਦੇ ਵਕੀਲ ਡੈਨਿਸ ਕੈਰੋਲ ਨੇ ਕਿਹਾ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਉਸ ਕੋਲ ਪੱਕਾ ਰਿਹਾਇਸ਼ੀ ਪ੍ਰਬੰਧ ਅਤੇ ਰੁਜ਼ਗਾਰ ਹੈ ਅਤੇ ਭਾਈਚਾਰੇ ਨਾਲ ਵੀ ਮਜ਼ਬੂਤ ਸਬੰਧ ਹਨ। ਵਕੀਲ ਮੁਤਾਬਕ ਬ੍ਰਾਇੰਟ ਨੇ ਖ਼ੁਦ ਜਾਂਚਕਰਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਹਮਲੇ ਦੀ ਯੋਜਨਾ ਸ਼ੁਰੂ ਕੀਤੀ ਜਾਂ ਹਿੰਸਾ ਵਿੱਚ ਹਿੱਸਾ ਲਿਆ। ਬਚਾਅ ਪੱਖ ਦਾ ਇਹ ਵੀ ਦਾਅਵਾ ਹੈ ਕਿ ਉਸ ਨੇ ਵਾਰ-ਵਾਰ ਵੈਨ ਰੂਟਸੇਲਾਰ ਨੂੰ ਕਤਲੇਆਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਜਿਕਰਯੋਗ ਹੈ ਕਿ ਇਸ ਹਮਲੇ ਵਿੱਚ ਅੱਠ ਲੋਕਾਂ ਦੀ ਮੌਤ ਹੋਈ ਸੀ।