4 hours ago
Swift News
ਸਰੀ ਵਿੱਚ 17 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸਪਲ ਚੋਣਾਂ ਤੋਂ ਪਹਿਲਾਂ ਨਵੇਂ ਸਰਵੇਖਣ ਮੁਤਾਬਕ ਮੌਜੂਦਾ ਮੇਅਰ ਬ੍ਰੈਂਡਾ ਲੌਕ ਨੂੰ ਸਭ ਤੋਂ ਵੱਧ ਸਮਰਥਨ ਮਿਲ ਰਿਹਾ ਹੈ। ਇੱਕ ਮੀਡਿਆ ਅਦਾਰੇ ਲਈ ਕੈਨੇਡਾ ਪਲਸ ਇਨਸਾਈਟਸ ਵੱਲੋਂ ਕਰਵਾਏ ਸਰਵੇਖਣ ਵਿੱਚ ਫ਼ੈਸਲਾ ਕਰ ਚੁੱਕੇ ਵੋਟਰਾਂ ਵਿੱਚੋਂ 33 ਫ਼ੀਸਦੀ ਨੇ ਲੌਕ ਦੇ ਹੱਕ ਵਿੱਚ ਵੋਟ ਪਾਉਣ ਦੀ ਗੱਲ ਕਹੀ ਹੈ। ਸਾਬਕਾ ਮੇਅਰ ਡੱਗ ਮੈਕੈਲਮ ਅਤੇ ਸਰੀ ਫਰਸਟ ਦੀ ਲਿੰਡਾ ਐਨਿਸ ਨੂੰ 16-16 ਫ਼ੀਸਦੀ ਸਮਰਥਨ ਮਿਲਿਆ ਹੈ। ਟਰੌਏ ਵੈਨ-ਵਲੀਟ ਅਤੇ ਮਾਈਕ ਸਟਾਰਚੁਕ ਨੂੰ 12-12 ਫ਼ੀਸਦੀ, ਜਦਕਿ ਹੋਨਵੀਰ ਸਿੰਘ ਰੰਧਾਵਾ ਨੂੰ 9 ਫ਼ੀਸਦੀ ਸਮਰਥਨ ਮਿਲਿਆ ਹੈ। ਅੱਠ ਫ਼ੀਸਦੀ ਵੋਟਰ ਅਜੇ ਦੁਵਿਧਾ ਵਿੱਚ ਹਨ।
ਦੂਜੇ ਪਾਸੇ, ਸਰਵੇਖਣ ਵਿੱਚ ਸ਼ਾਮਲ 68 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਮੇਅਰ ਅਤੇ ਮੌਜੂਦਾ ਸਿਟੀ ਕੌਂਸਲ ਲੋਕਾਂ ਦੀਆਂ ਲੋੜਾਂ ਤੋਂ ਦੂਰ ਹਨ। ਮਹਿੰਗਾਈ ਅਤੇ ਰਹਿਣ-ਸਹਿਣ ਦਾ ਖ਼ਰਚਾ 46 ਫ਼ੀਸਦੀ ਲੋਕਾਂ ਲਈ ਮੁੱਖ ਚਿੰਤਾ ਹੈ। ਅਪਰਾਧ ਅਤੇ ਜਨਤਕ ਸੁਰੱਖਿਆ ਨੂੰ 32 ਫ਼ੀਸਦੀ, ਜਦਕਿ ਘਰਾਂ ਦੀ ਕਿਫ਼ਾਇਤੀ ਕੀਮਤ ਅਤੇ ਸਿਹਤ ਸੇਵਾਵਾਂ ਨੂੰ 30-30 ਫ਼ੀਸਦੀ ਲੋਕਾਂ ਨੇ ਅਹਿਮ ਮੁੱਦਾ ਦੱਸਿਆ। ਇਹ ਸਰਵੇਖਣ 28 ਸਤੰਬਰ ਤੋਂ 9 ਅਕਤੂਬਰ ਤੱਕ 483 ਸਰੀ ਵਾਸੀਆਂ ਵਿੱਚ ਕੀਤਾ ਗਿਆ। ਇਸ ਦੀ ਗਲਤੀ ਦੀ ਸੰਭਾਵੀ ਹੱਦ ਪਲੱਸ ਜਾਂ ਮਾਈਨਸ 4.5 ਫ਼ੀਸਦੀ ਹੈ।