5 hours ago
Swift News
ਬ੍ਰਿਟਿਸ਼ ਕੋਲੰਬੀਆ ਵਿੱਚ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਬੁੱਧਵਾਰ ਰਾਤ ਵੈਨਕੂਵਰ ਵਿੱਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਵਿਚਾਲੇ ਟੈਲੀਵਿਜ਼ਨ ’ਤੇ ਬਹਿਸ ਹੋਈ। ਇਹ ਚੋਣਾਂ ਤੋਂ ਪਹਿਲਾਂ ਇਕੋ ਟੈਲੀਵਿਜ਼ਨ ਬਹਿਸ ਸੀ। ਇਸ ਦੌਰਾਨ ਮਹਿੰਗਾਈ, ਆਟੋ ਇੰਸ਼ੋਰੈਂਸ, Indigenous ਲੋਕਾਂ ਦੇ ਹੱਕਾਂ ਅਤੇ ਕੁਦਰਤੀ ਸਰੋਤਾਂ ਨਾਲ ਜੁੜੇ ਪ੍ਰੋਜੈਕਟਾਂ ’ਤੇ ਚਰਚਾ ਹੋਈ। ਬੀ.ਸੀ. ਐਨ.ਡੀ.ਪੀ. ਦੇ ਆਗੂ ਡੇਵਿਡ ਈਬੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਲੌਰਨ ਡੋਰਕਸਨ ਵਿਚਾਲੇ No-fault auto insurance ਨੂੰ ਲੈ ਕੇ ਤਿੱਖੀ ਬਹਿਸ ਹੋਈ। ਡੋਰਕਸਨ ਨੇ ਦਲੀਲ ਦਿੱਤੀ ਕਿ ਇਸ ਪ੍ਰਣਾਲੀ ਕਾਰਨ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਨੁਕਸਾਨ ਹੋਇਆ ਹੈ, ਜਦਕਿ ਈਬੀ ਨੇ ਇਸ ਦੇ ਫਾਇਦੇ ਗਿਣਾਉਂਦਿਆਂ ਕਿਹਾ ਕਿ ਇਸ ਨੂੰ ਖ਼ਤਮ ਕਰਨ ਨਾਲ ਕਾਨੂੰਨੀ ਖਰਚੇ ਵਧ ਸਕਦੇ ਹਨ। Indigenous ਲੋਕਾਂ ਦੇ ਹੱਕਾਂ ਬਾਰੇ ਕਾਨੂੰਨ DRIPA ਨੂੰ ਲੈ ਕੇ ਵੀ ਮਤਭੇਦ ਸਾਹਮਣੇ ਆਏ। ਡੋਰਕਸਨ ਨੇ ਇਸ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ, ਜਦਕਿ ਈਬੀ ਨੇ ਕਿਹਾ ਕਿ ਇਹ ਕਾਨੂੰਨ ਜ਼ਮੀਨੀ ਹੱਕਾਂ ਅਤੇ ਕੁਦਰਤੀ ਸਰੋਤਾਂ ਦੇ ਵੱਡੇ ਪ੍ਰੋਜੈਕਟਾਂ ਲਈ ਸਪੱਸ਼ਟਤਾ ਲਿਆਉਣ ਵਾਸਤੇ ਜ਼ਰੂਰੀ ਹੈ। ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ ਨੇ ਨਿੱਜੀ ਜਾਇਦਾਦ ’ਤੇ ਇਸ ਕਾਨੂੰਨ ਦੇ ਅਸਰ ਬਾਰੇ ਫੈਲਾਏ ਜਾ ਰਹੇ ਡਰ ਨੂੰ ਗ਼ਲਤ ਦੱਸਿਆ। LNG ਪ੍ਰੋਜੈਕਟ ਨੂੰ ਲੈ ਕੇ ਵੀ ਆਗੂਆਂ ਵਿਚਾਲੇ ਮਤਭੇਦ ਰਹੇ। ਈਬੀ ਨੇ ਇਸ ਤੋਂ 28 billion ਡਾਲਰ ਦੇ ਸੂਬਾਈ ਮਾਲੀਏ ਦੀ ਉਮੀਦ ਜਤਾਈ, ਜਦਕਿ ਲੋਵਨ ਨੇ ਇਸ ਦੀ ਆਰਥਿਕ ਸੰਭਾਵਨਾ ’ਤੇ ਸਵਾਲ ਚੁੱਕੇ।