2 hours ago
Swift News
ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵੱਲੋਂ ਸੂਬਾਈ ਵਿਧਾਨ ਸਭਾ ਦਾ ਪਤਝੜ ਇਜਲਾਸ ਨਹੀਂ ਬੁਲਾਇਆ ਜਾਵੇਗਾ। ਪ੍ਰੀਮੀਅਰ-ਡਿਜ਼ਾਈਨੇਟ ਲੌਰਨ ਡੋਰਕਸਨ ਦੇ ਦਫ਼ਤਰ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਵਿਧਾਨ ਸਭਾ ਦਾ ਇਜਲਾਸ ਹੁਣ ਨਵੇਂ ਸਾਲ ਵਿੱਚ ਹੀ ਸ਼ੁਰੂ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਉਸ ਕੋਲ ਕਈ ਅਹਿਮ ਯੋਜਨਾਵਾਂ ਹਨ ਅਤੇ ਉਹ ਚਾਹੁੰਦੀ ਹੈ ਕਿ ਕਾਨੂੰਨ ਬਣਾਉਣ ਨਾਲ ਸਬੰਧਤ ਕੰਮ ਪੂਰੀ ਤਿਆਰੀ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤਾ ਜਾਵੇ। ਇਸ ਫ਼ੈਸਲੇ ਕਾਰਨ ਚੋਣ ਮੁਹਿੰਮ ਦੌਰਾਨ ਡੋਰਕਸਨ ਵੱਲੋਂ ਦਿੱਤੇ ਗਏ ਇੱਕ ਹਜ਼ਾਰ ਡਾਲਰ ਦੀ ਟੈਕਸ ਛੋਟ ਦੇ ਵਾਅਦੇ ਨੂੰ ਵੀ ਲਾਗੂ ਹੋਣ ਲਈ ਉਡੀਕ ਕਰਨੀ ਪਵੇਗੀ। ਯੂਨੀਵਰਸਿਟੀ ਆਫ਼ ਵਿਕਟੋਰੀਆ ਦੇ ਸਿਆਸੀ ਮਾਹਿਰ ਮਾਈਕਲ ਪ੍ਰਿੰਸ ਮੁਤਾਬਕ ਇਹ ਟੈਕਸ ਛੋਟ 2027 ਦੀ ਸ਼ੁਰੂਆਤ ਵਿੱਚ ਲਿਆਂਦੀ ਜਾ ਸਕਦੀ ਹੈ। ਇਸ ਦੌਰਾਨ ਨਵੀਂ ਸਰਕਾਰ ਦੇ 64 ਵਿਧਾਇਕਾਂ ਵਿੱਚੋਂ ਮੰਤਰੀ ਮੰਡਲ ਲਈ ਨਾਵਾਂ ਦਾ ਐਲਾਨ ਵੀ ਜਲਦ ਹੋਵੇਗਾ। ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਮੁਤਾਬਕ ਮੰਤਰੀ ਮੰਡਲ ਛੋਟਾ ਰੱਖਿਆ ਜਾ ਸਕਦਾ ਹੈ, ਪਰ ਇਸ ਵਿੱਚ ਲਿੰਗਕ ਸੰਤੁਲਨ ਅਤੇ ਸੂਬੇ ਦੇ ਵੱਖ-ਵੱਖ ਇਲਾਕਿਆਂ ਦੀ ਨੁਮਾਇੰਦਗੀ ਦਾ ਧਿਆਨ ਰੱਖਣਾ ਹੋਵੇਗਾ। ਆਇਨ ਪੈਟਨ ਨੂੰ ਖੇਤੀਬਾੜੀ, ਪੀਟਰ ਮਿਲੋਬਾਰ ਨੂੰ ਵਿੱਤ ਅਤੇ ਡਾਕਟਰ ਅੰਨਾ ਕਿੰਡੀ ਨੂੰ ਸਿਹਤ ਮੰਤਰਾਲਾ ਮਿਲਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ। ਨਵੇਂ ਮੰਤਰੀ ਮੰਡਲ ਦਾ ਐਲਾਨ ਸ਼ੁੱਕਰਵਾਰ ਸਵੇਰੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕੀਤਾ ਜਾਵੇਗਾ।