3 hours ago
Swift News
AI ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਣ ਵਿਚਕਾਰ ਕੈਨੇਡਾ ਦੇ ਦਰਜਨਾਂ ਅਕਾਦਮਿਕ ਮਾਹਿਰਾਂ ਸਮੇਤ ਕੌਮਾਂਤਰੀ ਵਿਗਿਆਨੀਆਂ ਨੇ ਏ.ਆਈ. ਮਾਡਲਾਂ ’ਤੇ ਸਖ਼ਤ ਨਿਯੰਤਰਣ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਮੰਗਲਵਾਰ ਨੂੰ ਜਾਰੀ ਕੀਤੀ ਗਈ ਖੁੱਲ੍ਹੀ ਚਿੱਠੀ ਵਿੱਚ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਸੰਸਥਾਵਾਂ ਦੇ ਏ.ਆਈ. ਮਾਡਲ ਕਮਜ਼ੋਰ ਸੁਰੱਖਿਆ ਪ੍ਰਬੰਧਾਂ ਨੂੰ ਪਾਰ ਕਰਕੇ ਬਾਹਰੀ ਸੰਸਥਾਵਾਂ ਦੇ ਕੰਪਿਊਟਰ ਸਿਸਟਮਾਂ ਤੱਕ ਪਹੁੰਚ ਬਣਾਉਣ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਮੁਤਾਬਕ, ਜੇਕਰ ਏ.ਆਈ. ਨੂੰ ਵਿਕਸਤ ਕਰਨ ਅਤੇ ਵਰਤਣ ਦੇ ਤਰੀਕਿਆਂ ਵਿੱਚ ਤੁਰੰਤ ਬਦਲਾਅ ਨਾ ਕੀਤੇ ਗਏ ਤਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਹੋਰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ। ਵਿਗਿਆਨੀਆਂ ਨੇ ਏ.ਆਈ. ਸੁਰੱਖਿਆ ਬਾਰੇ ਹੋਰ ਖੋਜ ਕਰਨ, ਮਜ਼ਬੂਤ ਸੁਰੱਖਿਆ ਤਕਨੀਕਾਂ ਅਪਣਾਉਣ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮਾਪਦੰਡ ਤੈਅ ਕਰਨ ਵਾਲੀ ਸੰਸਥਾ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਾਈਬਰ ਹਮਲੇ ਕਰਨ ਦੇ ਸਮਰੱਥ ਏ.ਆਈ. ਮਾਡਲਾਂ ਨੂੰ ਇੰਟਰਨੈੱਟ ਤੋਂ ਵੱਖਰੇ ਅਤੇ ਸੁਰੱਖਿਅਤ ਕੰਪਿਊਟਰ ਵਾਤਾਵਰਣ ਵਿੱਚ ਰੱਖਿਆ ਜਾਵੇ। ਚਿੱਠੀ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਏ.ਆਈ. ਖੋਜ ਦੇ ਮੋਢੀ ਯੋਸ਼ੂਆ ਬੇਂਜੀਓ ਅਤੇ ਜੈਫਰੀ ਹਿੰਟਨ ਵੀ ਸ਼ਾਮਲ ਹਨ। ਇਹ ਮੰਗ ਅਜਿਹੇ ਸਮੇਂ ਆਈ ਹੈ ਜਦੋਂ ਓਪਨਏ.ਆਈ., ਐਂਥਰੋਪਿਕ, ਮੈਟਾ ਅਤੇ ਗੂਗਲ ਦੇ ਏ.ਆਈ. ਮਾਡਲਾਂ ਵੱਲੋਂ ਟੈਸਟਿੰਗ ਦੌਰਾਨ ਸਾਈਬਰ ਸੁਰੱਖਿਆ ਪ੍ਰਣਾਲੀਆਂ ਵਿੱਚ ਸੰਨ੍ਹ ਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੈਨੇਡਾ ਦੇ ਆਰਟੀਫਿਸ਼ਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਨੇ ਵੀ ਜੀ-7 ਦੇ ਭਾਈਵਾਲਾਂ ਨਾਲ ਏ.ਆਈ. ਮਾਡਲਾਂ ਦੀ ਜਾਂਚ ਲਈ ਇੱਕ ਅੰਤਰਰਾਸ਼ਟਰੀ ਤਕਨਾਲੋਜੀ ਸਥਿਰਤਾ ਬੋਰਡ ਬਣਾਉਣ ਬਾਰੇ ਚਰਚਾ ਕੀਤੀ ਹੈ।