1 hour ago
Swift News
ਸਰੀ ਦੀਆਂ ਸਿਟੀ ਚੋਣਾਂ ਦੇ ਅੰਤਿਮ ਅੰਕੜਿਆਂ ਮੁਤਾਬਕ, 17 ਅਕਤੂਬਰ ਨੂੰ ਹੋਈ ਵੋਟਿੰਗ ਵਿੱਚ 37.3 ਫੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਸ਼ਹਿਰ ਦੇ ਕੁੱਲ 3 ਲੱਖ 59 ਹਜ਼ਾਰ 921 ਰਜਿਸਟਰਡ ਵੋਟਰਾਂ ਵਿੱਚੋਂ 1 ਲੱਖ 34 ਹਜ਼ਾਰ 393 ਲੋਕਾਂ ਨੇ ਵੋਟ ਪਾਈ। ਮੇਅਰ ਚੁਣੇ ਗਏ ਡੱਗ ਮੈਕੈਲਮ ਨੇ ਕੁੱਲ 42 ਹਜ਼ਾਰ 745 ਵੋਟਾਂ ਹਾਸਲ ਕੀਤੀਆਂ, ਜੋ ਕੁੱਲ ਵੋਟਾਂ ਦਾ 31.96 ਫੀਸਦੀ ਹਨ। ਉਨ੍ਹਾਂ ਨੂੰ ਨਿਊਟਨ ਇਲਾਕੇ ਤੋਂ ਵੱਡਾ ਸਮਰਥਨ ਮਿਲਿਆ। ਪ੍ਰਿੰਸੈਸ ਮਾਰਗਰੇਟ ਸਕੂਲ ਵਿੱਚ ਐਡਵਾਂਸ ਵੋਟਿੰਗ ਦੌਰਾਨ ਮੈਕੈਲਮ ਨੂੰ 2,272 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੀ ਨੇੜਲੀ ਵਿਰੋਧੀ ਅਤੇ ਸਾਬਕਾ ਮੇਅਰ ਬ੍ਰੈਂਡਾ ਲੌਕ ਨੂੰ 626 ਵੋਟਾਂ ਮਿਲੀਆਂ। ਦੂਜੇ ਪਾਸੇ, ਲੌਕ ਨੇ ਕਲੋਵਰਡੇਲ ਰੀਕ੍ਰੀਏਸ਼ਨ ਸੈਂਟਰ, ਸੈਮੀਅਮੂ ਅਤੇ ਅਰਲ ਮੈਰੀਅਟ ਵਿੱਚ ਐਡਵਾਂਸ ਵੋਟਿੰਗ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ। ਸ਼ਹਿਰ ਵਿੱਚ ਚਾਰ ਦਿਨਾਂ ਦੌਰਾਨ 10 ਥਾਵਾਂ ਉੱਤੇ ਐਡਵਾਂਸ ਵੋਟਿੰਗ ਹੋਈ। ਸੈਮੀਅਮੂ ਵਿੱਚ ਸਭ ਤੋਂ ਵੱਧ 6,488 ਵੋਟਾਂ ਪਈਆਂ। ਆਮ ਵੋਟਿੰਗ ਵਾਲੇ ਦਿਨ ਗੋਲਡਸਟੋਨ ਪਾਰਕ ਐਲੀਮੈਂਟਰੀ ਵਿੱਚ ਸਭ ਤੋਂ ਵੱਧ 2,313 ਵੋਟਾਂ ਦਰਜ ਕੀਤੀਆਂ ਗਈਆਂ। ਚੋਣਾਂ ਦੌਰਾਨ 669 ਵੋਟਾਂ ਡਾਕ ਰਾਹੀਂ ਵੀ ਪਾਈਆਂ ਗਈਆਂ। ਨਵੀਂ ਚੁਣੀ ਗਈ ਕੌਂਸਲ ਦਾ ਚਾਰ ਸਾਲਾਂ ਦਾ ਕਾਰਜਕਾਲ 2 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮੈਕੈਲਮ ਦੀ ਸੇਫ ਸਰੀ ਕੋਲੀਸ਼ਨ ਦੇ ਅੱਠ ਮੈਂਬਰਾਂ ਵਾਲੀ ਕੌਂਸਲ ਵਿੱਚ ਸਰੀ ਕਨੈਕਟ ਦੇ ਚੁਣੇ ਗਏ ਹੈਰੀ ਬੈਂਸ ਵੀ ਸ਼ਾਮਲ ਹੋਣਗੇ।