3 hours ago
Swift News
ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਆਗੂ Lorne Doerkson ਨੇ ਵਾਅਦਾ ਕੀਤਾ ਹੈ ਕਿ ਜੇਕਰ 24 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਜਿੱਤ ਕੇ ਸਰਕਾਰ ਬਣਾਉਂਦੀ ਹੈ, ਤਾਂ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ। ਐਤਵਾਰ ਨੂੰ Surrey ਵਿੱਚ ਚੋਣ ਪ੍ਰਚਾਰ ਦੌਰਾਨ Doerkson ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਕੰਮਕਾਜੀ ਪਰਿਵਾਰਾਂ ’ਤੇ ਬੀ.ਸੀ. NDP ਵੱਲੋਂ ਲਗਾਏ ਜਾ ਰਹੇ ਟੈਕਸਾਂ ਨੂੰ ਖਤਮ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਸਰਕਾਰੀ ਖਰਚਿਆਂ ਵਿੱਚ ਜਾ ਰਹੀ ਹੈ, ਪਰ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਇਹ ਐਲਾਨ ਬੀ.ਸੀ. NDP ਆਗੂ David Eby ਵੱਲੋਂ ਸ਼ੁੱਕਰਵਾਰ ਨੂੰ ਕੀਤੇ ਗਏ ਵਾਅਦੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਮੁੜ ਸਰਕਾਰ ਬਣਨ ’ਤੇ ਨਾ ਵਿਕੇ ਕੰਡੋਜ਼ ’ਤੇ ਨਵਾਂ ਟੈਕਸ ਲਗਾਉਣ ਅਤੇ ਮੌਜੂਦਾ Speculation and Vacancy Tax ਵਧਾਉਣ ਦੀ ਗੱਲ ਕਹੀ ਸੀ। ਕੰਜ਼ਰਵੇਟਿਵ ਪਾਰਟੀ ਨੇ NDP ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਭ ਤੋਂ ਘੱਟ ਆਮਦਨ ਟੈਕਸ ਦਰ 5.06 ਫੀਸਦੀ ਤੋਂ ਵਧਾ ਕੇ 5.6 ਫੀਸਦੀ ਕਰ ਦਿੱਤੀ ਗਈ ਹੈ ਅਤੇ ਟੈਕਸ ਬ੍ਰੈਕਟਸ ਨੂੰ 2030 ਤੱਕ ਫ੍ਰੀਜ਼ ਕੀਤਾ ਗਿਆ ਹੈ। ਪਾਰਟੀ ਮੁਤਾਬਕ ਮਹਿੰਗਾਈ ਦੇ ਨਾਲ ਤਨਖਾਹਾਂ ਵਧਣ ਕਾਰਨ ਲੋਕਾਂ ਨੂੰ ਵੀ ਵੱਧ ਟੈਕਸ ਦੇਣਾ ਪੈ ਸਕਦਾ ਹੈ। Doerkson ਨੇ ਕਿਹਾ ਕਿ ਨੌਂ ਸਾਲਾਂ ਦੀ NDP ਸਰਕਾਰ ਦੌਰਾਨ ਵੱਧ ਖਰਚੇ ਦੇ ਬਾਵਜੂਦ ਸੂਬੇ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਉਨ੍ਹਾਂ ਨੇ Professional Services ’ਤੇ ਸੱਤ ਫੀਸਦੀ Provincial Sales Tax ਲਗਾਉਣ ਦੀ ਤਜਵੀਜ਼ ਦੀ ਵੀ ਆਲੋਚਨਾ ਕੀਤੀ, ਜਿਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਵਾਅਦਾ ਅਜਿਹੇ ਸਮੇਂ ਆਇਆ ਹੈ ਜਦੋਂ ਬੀ.ਸੀ. ਸਰਕਾਰ ਨੂੰ 2026-27 ਵਿੱਚ 13.8 ਬਿਲੀਅਨ ਡਾਲਰ ਦੇ ਬਜਟ ਘਾਟੇ ਦਾ ਅਨੁਮਾਨ ਹੈ।