7 hours ago
Swift News
ਬ੍ਰਿਟਿਸ਼ ਕੋਲੰਬੀਆ ਦੀਆਂ ਮਿਊਂਸਪਲ ਚੋਣਾਂ ਵਿੱਚ ਕਈ ਮੌਜੂਦਾ ਮੇਅਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ਨੀਵਾਰ ਨੂੰ ਹੋਈ ਵੋਟਿੰਗ ਵਿੱਚ ਸੂਬੇ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ, ਵੈਨਕੂਵਰ ਅਤੇ ਸਰੀ, ਦੇ ਮੇਅਰ ਆਪਣੀਆਂ ਕੁਰਸੀਆਂ ਨਹੀਂ ਬਚਾ ਸਕੇ। ਵੈਨਕੂਵਰ ਵਿੱਚ ਗ੍ਰੀਨ ਪਾਰਟੀ ਦੇ ਪੀਟ ਫਰਾਈ ਨੇ ਮੌਜੂਦਾ ਮੇਅਰ ਕੇਨ ਸਿਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਮੁੱਢਲੇ ਨਤੀਜਿਆਂ ਮੁਤਾਬਕ ਫਰਾਈ ਨੂੰ 98 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ, ਜਦਕਿ ਸਿਮ ਨੂੰ ਲਗਭਗ 67 ਹਜ਼ਾਰ ਵੋਟਾਂ ਮਿਲੀਆਂ। ਸਿਮ ਦੀ ਏ.ਬੀ.ਸੀ. ਪਾਰਟੀ, ਜਿਸ ਨੇ ਚਾਰ ਸਾਲ ਪਹਿਲਾਂ ਕੌਂਸਲ ਵਿੱਚ ਬਹੁਮਤ ਹਾਸਲ ਕੀਤਾ ਸੀ, ਇਸ ਵਾਰ ਘਟ ਕੇ ਸਿਰਫ਼ ਇੱਕ ਸੀਟ ’ਤੇ ਰਹਿ ਗਈ। ਵੈਨਕੂਵਰ ਵਿੱਚ ਵੋਟਿੰਗ ਵੀ ਵਧੀ ਅਤੇ 2 ਲੱਖ 9 ਹਜ਼ਾਰ ਤੋਂ ਵੱਧ ਲੋਕਾਂ ਨੇ ਵੋਟ ਪਾਈ। ਉੱਧਰ, ਸਰੀ ਵਿੱਚ ਸੇਫ ਸਰੀ ਕੋਲੀਸ਼ਨ ਦੇ ਡੱਗ ਮੈਕੈਲਮ ਤੀਜੀ ਵਾਰ ਮੇਅਰ ਬਣਨ ਜਾ ਰਹੇ ਹਨ। ਮੁੱਢਲੇ ਨਤੀਜਿਆਂ ਅਨੁਸਾਰ ਉਨ੍ਹਾਂ ਨੂੰ ਲਗਭਗ 32 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਮੌਜੂਦਾ ਮੇਅਰ ਬਰੈਂਡਾ ਲੌਕ ਨੂੰ 23 ਫ਼ੀਸਦੀ ਵੋਟਾਂ ਮਿਲੀਆਂ। ਵਿਕਟੋਰੀਆ ਅਤੇ ਸਾਨਿਚ ਵਿੱਚ ਦੋਵਾਂ ਨਗਰਪਾਲਿਕਾਵਾਂ ਨੂੰ ਇੱਕ ਕਰਨ ਦੇ ਪ੍ਰਸਤਾਵ ’ਤੇ ਵੱਖਰੇ ਨਤੀਜੇ ਸਾਹਮਣੇ ਆਏ। ਵਿਕਟੋਰੀਆ ਵਿੱਚ 62 ਫ਼ੀਸਦੀ ਵੋਟਰਾਂ ਨੇ ਇਸ ਦੇ ਹੱਕ ਵਿੱਚ ਵੋਟ ਪਾਈ, ਜਦਕਿ ਸਾਨਿਚ ਵਿੱਚ 68 ਫ਼ੀਸਦੀ ਨੇ ਵਿਰੋਧ ਕੀਤਾ। ਵਿਕਟੋਰੀਆ ਦੀ ਮੇਅਰ ਮੈਰੀਅਨ ਆਲਟੋ ਮੁੜ ਚੁਣੀ ਗਈ ਹੈ। ਕਮਲੂਪਸ ਵਿੱਚ ਮੌਜੂਦਾ ਮੇਅਰ ਰੀਡ ਹੈਮਰ-ਜੈਕਸਨ ਚੌਥੇ ਸਥਾਨ ’ਤੇ ਰਹੇ, ਜਦਕਿ ਸਾਬਕਾ ਕੌਂਸਲਰ ਮਾਈਕ ਓ’ਰੈਲੀ ਨੇ ਜਿੱਤ ਹਾਸਲ ਕੀਤੀ। ਪ੍ਰਿੰਸ ਜਾਰਜ ਵਿੱਚ ਗਾਰਥ ਫ੍ਰਿਜ਼ਲ ਨੇ ਤਿੰਨ ਉਮੀਦਵਾਰਾਂ ਵਿਚਕਾਰ ਹੋਏ ਕਰੀਬੀ ਮੁਕਾਬਲੇ ਵਿੱਚ ਮੇਅਰ ਸਾਈਮਨ ਯੂ ਨੂੰ ਹਰਾਇਆ। ਰਿਚਮੰਡ ਵਿੱਚ ਰੌਬ ਹਾਵਰਡ ਨੇ ਐਲੇਕਸਾ ਲੂ ਨੂੰ 900 ਤੋਂ ਵੀ ਘੱਟ ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਦੌਰਾਨ, ਪੋਰਟ ਕੋਕੁਇਟਲਮ ਦੇ ਮੇਅਰ ਬ੍ਰੈਡ ਵੈਸਟ ਨੇ ਲਗਭਗ 90 ਫ਼ੀਸਦੀ ਵੋਟਾਂ ਹਾਸਲ ਕਰਕੇ ਮੁੜ ਜਿੱਤ ਦਰਜ ਕੀਤੀ।