ਸਰੀ ਵਿਚ ਰੇਡੀਓ ਸਵਿਫਟ ( 1200 ਏ ਐਮ) ਦੀ ਸ਼ਾਨਦਾਰ ਸ਼ੁਰੂਆਤ

Swift News

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਦੇ ਉਘੇ ਬਿਜਨਸਮੈਨ ਸ ਕੁਲਵੰਤ ਸਿੰਘ ਢੇਸੀ ਤੇ ਉਘੇ ਰੇਡੀਓ, ਟੀਵੀ ਹੋਸਟ ਤੇ ਗੀਤਕਾਰ ਦਵਿੰਦਰ ਬੈਨੀਪਾਲ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਭਾਈਚਾਰੇ ਲਈ ਨਵੇਂ ਸਵਿਫਟ ਰੇਡੀਓ (1200 ਏ ਐਮ) ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਪਿਛਲੇ ਲੰਬੇ ਸਮੇਂ ਤੋਂ ਇਸ ਫਰੀਕਐਂਸੀ ਉਪਰ ਸਪਾਈਸ ਰੇਡੀਓ ਉਘੀ ਰੇਡੀਓ ਹੋਸਟ ਸੁਸ਼ਮਾ ਦੱਤ ਵਲੋਂ ਚਲਾਇਆ ਜਾ ਰਿਹਾ ਸੀ। ਸਵਿਫਟ ਰੇਡੀਓ ਸਟੇਸ਼ਨ ਦਾ ਆਫਿਸ 13049-76 ਐਵਨਿਊ ਉਪਰ ਸਥਾਪਿਤ ਕੀਤਾ ਗਿਆ ਹੈ ਤੇ ਇਸ ਨਵੇਂ ਰੇਡੀਓ ਨਾਲ ਲੰਬਾ ਤਜੁਰਬਾ ਰੱਖਣ ਵਾਲੇ ਰੇਡੀਓ ਹੋਸਟਾਂ ਦੀ ਟੀਮ ਸ਼ਾਮਿਲ ਹੋਈ ਹੈ ਜਿਹਨਾਂ ਵਿਚ ਡਾ ਜਸਵੀਰ ਸਿੰਘ ਰੋਮਾਣਾ, ਡਾ ਰਮਿੰਦਰ ਸਿੰਘ ਕੰਗ, ਸਮੀਰ ਕੌਸ਼ਲ, ਲਵੀ ਪੰਨੂੰ, ਮਿੰਨੀ ਡੌਲਾ, ਡਾ ਜਸਵਿੰਦਰ ਦਿਲਾਵਰੀ ਤੇ ਸਾਬਕਾ ਮੰਤਰੀ ਜਿੰਨੀ ਸਿਮਸ ਦੇ ਨਾਮ ਜ਼ਿਕਰਯੋਗ ਹਨ। ਰੇਡੀਓ ਸਵਿਫਟ ਦੀ ਸ਼ੁਰੂਆਤ ਮੌਕੇ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ , ਸਪੀਕਰ ਰਾਜ ਚੌਹਾਨ, ਕੈਬਨਿਟ ਮੰਤਰੀ ਜਗਰੂਪ ਬਰਾੜ ਅਤੇ ਐਨ ਡੀ ਪੀ ਐਮ ਐਲ ਏਜ਼, ਮੇਅਰ ਬਰੈਂਡਾ ਲੌਕ, ਕੌਸਲਰ ਮਨਦੀਪ ਨਾਗਰਾ, ਡੈਲਟਾ ਮੇਅਰ ਜੌਰਜ ਹਾਰਵੀ, ਐਮ ਪੀ ਸੁਖ ਧਾਲੀਵਾਲ, ਐਮ ਪੀ ਗੁਰਬਖਸ਼ ਸੈਣੀ ਤੇ ਹੋਰਾਂ ਨੇ ਵਿਸ਼ੇਸ਼ ਹਾਜ਼ਰੀ ਭਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਅਤੇ ਕੰਸਰਵੇਟਿਵ ਐਮ ਐਲ ਏ ਸਾਥੀਆਂ ਨੇ ਵੀ ਸਮਾਗਮ ਵਿਚ ਸ਼ਾਮਿਲ ਹੁੰਦਿਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ, ਸਮਾਜਿਕ ਤੇ ਸਿਆਸੀ ਆਗੂਆਂ ਤੇ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਰੇਡੀਓ ਸਵਿਫਟ ਦੇ ਸੰਚਾਲਕਾਂ ਤੇ ਨਵੀਂ ਟੀਮ ਨੂੰ ਵਧਾਈਆਂ ਦਿੱਤੀਆਂ ਤੇ ਉਮੀਦ ਪ੍ਰਗਟ ਕੀਤੀ ਕਿ ਨਵਾਂ ਰੇਡੀਓ ਇਕ ਸੰਤੁਲਿਤ ਪਹੁੰਚ ਤਹਿਤ ਕਮਿਊਨਿਟੀ ਦੇ ਮੁੱਦੇ ਉਠਾਉਣ ਦੇ ਨਾਲ ਲੋਕ ਭਾਵਨਾਵਾਂ ਦੀ ਬੇਹਤਰ ਤਰਜ਼ਮਾਨੀ ਕਰੇਗਾ।